Punjabi Story Uth Ni Dhiye Nau Man Kabhniye "ਉੱਠ ਨੀਂ ਧੀਏ ਨੌਂ ਮਣ ਕੱਤਣੀਏ" for Students and Kids in Punjabi Language.

ਉੱਠ ਨੀਂ ਧੀਏ ਨੌਂ ਮਣ ਕੱਤਣੀਏ 
Uth Ni Dhiye Nau Man Kabhniye 

ਕਿਸੇ ਦੇ ਇਕ ਕੁੜੀ ਸੀ। ਉਹ ਸੀ ਬੜੀ ਨਾਲਾਇਕ। ਉਹ ਕੋਈ ਕੰਮ ਨਹੀਂ ਸੀ ਕਰਦੀ ਅਤੇ ਨਾ ਹੀ ਉਹਨੂੰ ਕੁਛ ਕਰਨਾ ਆਉਂਦਾ ਸੀ। ਲੋਕਾਂ ਨੂੰ ਇਹ ਜਚਾਉਣ ਲਈ ਕਿ ਉਸ ਦੀ ਧੀ ਬੜੀ ਸਿਆਣੀ ਅਤੇ ਕਾਮੀ ਹੈ, ਉਸ ਦੀ ਮਾਂ ਉਸ ਨੂੰ ਕਿਹਾ ਕਰਦੀ, “ਉੱਠ ਨੀਂ ਧੀਏ ਨੌਂ ਮਣ ਕੱਤਣੀਏ।” ਇਸ ਤਰ੍ਹਾਂ ਉਹ ਜਾਣ ਕੇ ਲੋਕਾਂ ਨੂੰ ਸੁਣਾਉਂਦੀ। ਇਕ ਦਿਨ ਉਹਨਾਂ ਦੀ ਬੀਹੀ ਵਿਚ ਇਕ ਫ਼ੌਜੀ ਤੁਰਿਆ ਆਉਂਦਾ ਸੀ ਤਾਂ ਉਸ ਦੀ ਮਾਂ ਨੇ ਫ਼ੌਜੀ ਨੂੰ ਦੇਖ ਕੇ ਕਿਹਾ, “ਉੱਠ ਨੀਂ ਧੀਏ ਨੌਂ ਮਣ ਕੱਤਣੀਏ।” ਫ਼ੌਜੀ ਪਾਣੀ ਪੀਣ ਦੇ ਬਹਾਨੇ ਬੁੱਢੀ ਦੇ ਮਗਰੇ ਹੀ ਘਰ ਵੜ ਗਿਆ। ਪਾਣੀ ਧਾਣੀ ਪੀ ਕੇ ਉਸ ਨੇ ਮਾਈ ਨੂੰ ਪੁੱਛਿਆ ਕਿ “ਮਾਈ, ਤੂੰ ਆਪਣੀ ਕੁੜੀ ਨੂੰ ਨੌਂ ਮਣ ਕੱਤਣੀ ਕਿਉਂ ਕਹਿੰਦੀ ਹੈ।” ਫੇਰ ਉਸ ਨੇ ਦੱਸਿਆ ਕਿ “ਭਾਈ, ਇਹ ਕੁੜੀ ਬਹੁਤ ਜ਼ਿਆਦਾ ਕੰਮ ਕਰਦੀ ਹੈ। ਕੁਝ ਦਿਨਾਂ ਵਿਚ ਹੀ ਨੌਂ ਮਣ ਰੂੰ ਕੱਤ ਦਿੰਦੀ ਹੈ।” ਫ਼ੌਜੀ ਬਹੁਤ ਹੈਰਾਨ ਹੋਇਆ। ਕਹਿੰਦਾ, “ਮਾਈ, ਜੇ ਇਹ ਕੁੜੀ ਤੂੰ ਮੈਨੂੰ ਦੇ ਦੇਵੇਂ। ਮੌਜ ਕਰੇਗੀ।" ਬੁੱਢੀ ਝੱਟ ਮੰਨ ਗਈ ਅਤੇ ਕੁਝ ਦਿਨਾਂ ਵਿਚ ਕੁੜੀ ਫ਼ੌਜੀ ਨੂੰ ਵਿਆਹ ਦਿੱਤੀ।



ਹੁਣ ਫ਼ੌਜੀ ਦੀਆਂ ਦੋ ਪਤਨੀਆਂ ਹੋ ਗਈਆਂ। ਉਸ ਨੇ ਅਠਾਰ੍ਹਾਂ ਮਣ ਰੂੰ ਖ਼ਰੀਦੀ ਅਤੇ ਦੋਵਾਂ ਨੂੰ ਨੌਂ ਨੌਂ ਮਣ ਰੂੰ ਵੰਡ ਦਿੱਤੀ। ਕਹਿੰਦਾ, “ਮੈਂ ਇਕ ਹਫ਼ਤੇ ਲਈ ਬਾਹਰ ਚੱਲਿਆ ਹਾਂ। ਮੈਂ ਆ ਕੇ ਦੇਖਾਂਗਾ ਕਿ ਤੁਹਾਡੇ 'ਚੋਂ ਕਿਹੜੀ ਪਹਿਲਾਂ ਕੱਤਦੀ ਹੈ।” ਪਹਿਲੀ ਵਹੁਟੀ ਨੇ ਤਾਂ ਕੱਤਣਾ ਸ਼ੁਰੂ ਕਰ ਦਿੱਤਾ ਪਰ ਨੌਂ ਮਣ ਕੱਤਣੀਂ ਕੀ ਕਰੋ। ਉਹ ਸਾਰਾ ਦਿਨ ਉਦਾਸ ਬੈਠੀ ਰਹੀ। ਆਥਣੇ ਅੱਕ ਕੇ ਉਸ ਨੇ ਸਾਰੀ ਦੀ ਸਾਰੀ ਰੂੰ ਬਲਦਾਂ ਨੂੰ ਚਾਰ ਦਿੱਤੀ। ‘ਲੇਖੂ ਕਰੇ ਕੁਵੱਲੀਆਂ ਰੱਬ ਸਿੱਧੀਆਂ ਪਾਵੇ। ਚੱਲ ਭਾਈ, ਕੁਦਰਤ ਦੀ ਮਰਜ਼ੀ, ਬਲਦਾਂ ਨੇ ਸਾਰੀ ਤੂੰ ਖਾ ਲਈ ਅਤੇ ਤੜਕੇ ਗੋਹੇ ਦੀ ਥਾਂ ਰੂੰ ਦੇ ਗਲੋਟੇ ਬਣ ਕੇ ਬਾਹਰ ਆ ਗਏ। ਉਸ ਕੁੜੀ ਨੇ ਖ਼ੁਸ਼ ਹੋ ਕੇ ਸਵੇਰੇ ਹੀ ਗਲੋਟੇ ਚੁੱਕ ਕੇ ਕੋਠੀ ਵਿਚ ਰੱਖ ਦਿੱਤੇ। ਦੂਜੀ ਕਹਿੰਦੀ, “ਨੀਂ, ਤੇਰੀ ਤੂੰ ਕਿਧਰ ਗਈ।” ਕਹਿੰਦੀ, “ਭੈਣੇ, ਮੈਂ ਤਾਂ ਕੱਤ ਲਿਆ ਹੈ ਅਤੇ ਉਸ ਨੇ ਕੋਠੀ ਖੋਲ੍ਹ ਕੇ ਵਿਖਾ ਦਿੱਤੀ। ਦੂਜੀ ਨੂੰ ਈਰਖਾ ਹੋ ਗਈ। ਉਸ ਨੇ ਕੁਝ ਟਿੱਡੀਆਂ ਕੋਠੀ ਵਿਚ ਸੁੱਟ ਦਿੱਤੀਆਂ ਤਾਂਕਿ ਉਹ ਸੂਤ ਨੂੰ ਖਾ ਜਾਣ। ਕੁਦਰਤ ਦੀ ਮਰਜ਼ੀ ਐਸੀ ਹੋਈ ਕਿ ਟਿੱਡੀਆਂ ਨੇ ਅਗਲੇ ਦਿਨ ਤਕ ਸਾਰੇ ਗਲੋਟੇ ਅਟੇਰ ਦਿੱਤੇ।

ਅਗਲੇ ਦਿਨ ਫੇਰ ਉਸ ਨੇ ਪੁੱਛਿਆ ਕਿ “ਭੈਣੇ, ਤੂੰ ਗਲੋਟੇ ਅਟੇਰ ਦਿੱਤੇ ਹਨ।” ਨੌਂ ਮਣ ਕੱਤਣੀਂ ਕਹਿੰਦੀ, “ਹਾਂ, ਮੈਂ ਅਟੇਰ ਦਿੱਤੇ ਹਨ।” ਕਹਿੰਦੀ, “ਦਿਖਾ ਖਾਂ ਮੈਨੂੰ।” ਅਤੇ ਉਸ ਨੇ ਕੋਠੀ ਖੋਲ੍ਹ ਕੇ ਵੇਖ ਲਈ। ਉਹ ਹੈਰਾਨ ਰਹਿ ਗਈ ਅਤੇ ਉਸ ਦੀ ਈਰਖਾ ਹੋਰ ਵਧ ਗਈ। ਅਗਲੇ ਦਿਨ ਉਸ ਨੇ ਕੋਠੀ ਵਿਚ ਅੱਗ ਦੇ ਦੋ ਦਗ਼ਦੇ ਅੰਗਾਰੇ ਸੁੱਟ ਦਿੱਤੇ ਤਾਂਕਿ ਸਾਰਾ ਸੂਤ ਮੱਚ ਜਾਵੇ। ਪਰਮਾਤਮਾ ਦੀ ਕਰਨੀ ਐਸੀ ਹੋਈ ਕਿ ਚੰਗਿਆੜੀਆਂ ਦੇ ਸੇਕ ਨਾਲ ਸੂਤ ਦੇ ਉਪਰਲੇ ਲਫੂਸੜੇ ਮੱਚ ਗਏ ਅਤੇ ਧਾਗੇ ਰੇਸ਼ਮ ਵਰਗੇ ਬਣ ਗਏ।

ਸਤਵੇਂ ਦਿਨ ਫ਼ੌਜੀ ਆ ਗਿਆ। ਨੌਂ ਮਣ ਕੱਤਣੀ ਮੰਜੇ 'ਤੇ ਪਈ ਸੀ ਅਤੇ ਦੂਜੀ ਚਰਖਾ ਕੱਤ ਰਹੀ ਸੀ। ਕੋਲ ਬੈਠ ਕੇ ਰੂੰ ਬਾਰੇ ਪੁੱਛਣ ਲੱਗਿਆ ਤਾਂ ਪਤਾ ਲੱਗਿਆ ਕਿ ਪਹਿਲੀ ਪਤਨੀ ਨੇ ਤਾਂ ਹਾਲੇ ਪੰਜ ਸੇਰ ਤੂੰ ਵੀ ਨਹੀਂ ਸੀ ਕੱਤੀ। ਪਰ ਨੌਂ ਮਣ ਕੱਤਣੀ ਨੇ ਸਾਰੀ ਰੂੰ ਕੱਤ ਕੇ ਅਤੇ ਗਲੋਟੇ ਅਟੇਰ ਕੇ ਵੀ ਰੱਖ ਦਿੱਤੇ ਸਨ। ਫ਼ੌਜੀ ਬਹੁਤ ਖ਼ੁਸ਼ ਹੋਇਆ। ਕਹਿੰਦਾ, “ਦੇਸ਼ ਕੋ ਐਸੀ ਪਤਨੀਓਂ ਕੀ ਜ਼ਰੂਰਤ ਹੈ।” ਉਸੇ ਦਿਨ ਤੋਂ ਉਸ ਨੇ ਨੌਂ ਮਣ ਕੱਤਣੀ ਨੂੰ ਘਰ ਦੀ ਸਾਰੀ ਮੁਖ਼ਤਿਆਰੀ ਦੇ ਦਿੱਤੀ ਅਤੇ ਦੂਜੀ ਨੂੰ ਪੀਛੇ ਹਟ ਦਾ ਆਦੇਸ਼ ਦੇ ਦਿੱਤਾ।


Post a Comment

0 Comments